ਬੁੱਧਵਾਰ 15 ਨਵੰਬਰ 2017 (30 ਕੱਤਕ ਸੰਮਤ 549 ਨਾਨਕਸ਼ਾਹੀ)
ਰਾਗੁ ਸੂਹੀ ਛੰਤ ਮਹਲਾ ੩ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਸੁਖ ਸੋਹਿਲੜਾ ਹਰਿ ਧਿਆਵਹੁ ॥ ਗੁਰਮੁਖਿ ਹਰਿ ਫਲੁ ਪਾਵਹੁ ॥ ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥ ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥ ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲ ਹਰਿ ਜਨ ਪਾਵਹੁ ॥ ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥੧॥ {ਅੰਗ 767}
ਅਰਥ: ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ। ਗੁਰੂ ਦੀ ਸਰਨ ਪੈ ਕੇ (ਸਿਫ਼ਤਿ-ਸਾਲਾਹ ਦਾ ਗੀਤ ਗਾਇਆਂ) ਪਰਮਾਤਮਾ ਦੇ ਦਰ ਤੋਂ (ਇਸ ਦਾ) ਫਲ ਪ੍ਰਾਪਤ ਕਰੋਗੇ।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ, (ਇਸ ਦਾ) ਫਲ ਹਾਸਲ ਕਰੋਗੇ, ਪਰਮਾਤਮਾ ਦਾ ਨਾਮ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ। ਜਿਸ ਗੁਰੂ ਨੇ ਤੁਹਾਡੇ (ਲੋਕ ਪਰਲੋਕ ਦੇ) ਸਾਰੇ ਕੰਮ ਸਵਾਰ ਦਿੱਤੇ ਹਨ, ਉਸ ਆਪਣੇ ਗੁਰੂ ਤੋਂ ਸਦਕੇ ਜਾਵੋ।
ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ। ਹਰੀ-ਪ੍ਰਭੂ ਕਿਰਪਾ ਕਰੇਗਾ, (ਉਸ ਦੇ ਦਰ ਤੋਂ) ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ। ਨਾਨਕ ਆਖਦਾ ਹੈ-ਹੇ ਭਾਈ ਜਨੋ! ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ।੧।

LEAVE A REPLY

Please enter your comment!
Please enter your name here